ਵਾਸ਼ਿੰਗਟਨ, 19 ਅਪਰੈਲ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਸ਼ੇਸ਼ ਆਦੇਸ਼ਾਂ ’ਤੇ ਮੋਹਰ ਲਾਉਣਗੇ, ਜਿਸ ਨਾਲ ਐਚ-1ਬੀ ਵੀਜ਼ਾ ਪ੍ਰੋਗਰਾਮ ਦਾ ਨਵੀਨੀਕਰਨ ਹੋਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵੱਧ ਕੁਸ਼ਲ ਅਤੇ ਸਭ ਤੋਂ ਵੱਧ ਤਨਖ਼ਾਹਾਂ ਵਾਲਿਆਂ ਨੂੰ ਹੀ ਇਹ ਵੀਜ਼ਾ ਦਿੱਤਾ ਜਾਵੇ। ਇਸ ਵੀਜ਼ੇ ਦੀ ਭਾਰਤੀ ਆਈਟੀ ਫਰਮਾਂ ਅਤੇ ਪੇਸ਼ੇਵਰਾਂ ਵਿੱਚ ਕਾਫ਼ੀ ਮੰਗ ਹੈ।
ਰਾਸ਼ਟਰਪਤੀ ਡੋਨਲਡ ਟਰੰਪ ‘ਬਾਇ ਅਮੈਰਿਕਨ, ਹਾਇਰ ਅਮੈਰਿਕਨ’ ਵਾਲੇ ਇਨ੍ਹਾਂ ਵਿਸ਼ੇਸ਼ ਆਦੇਸ਼ਾਂ ’ਤੇ ਹਸਤਾਖ਼ਰ ਕਰਨ ਲਈ ਪ੍ਰਤੀਨਿਧੀ ਸਭਾ ਦੇ ਸਪੀਕਰ ਪਾਲ ਰੇਆਨ ਦੇ ਸੂਬੇ ਵਿਸਕਾਨਸਨ ਦੇ ਮਿਲਵਾਕੀ ਸ਼ਹਿਰ ਜਾਣਗੇ। ਇਨ੍ਹਾਂ ਵਿਸ਼ੇਸ਼ ਆਦੇਸ਼ਾਂ ’ਤੇ ਹਸਤਾਖ਼ਰ ਕਰਨ ਤੋਂ ਇਕ ਦਿਨ ਪਹਿਲਾਂ ਅਮਰੀਕੀ ਨਾਗਰਿਕਤਾ ਬਾਰੇ ਸੇਵਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦਾ ਐਲਾਨ ਕੀਤਾ ਗਿਆ ਹੈ ਕਿ ਇਸ ਸਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ 2018 ਲਈ 65000 ਐਚ1ਬੀ ਵੀਜ਼ੇ ਦੇ ਕਾਗਰੈਸ਼ਨਲ ਆਦੇਸ਼ਾਂ ਲਈ ਪ੍ਰਾਪਤ 1,99,000 ਅਰਜ਼ੀਆਂ ਤੋਂ ਕੰਪਿਊਟੀਕਰਨ ਡਰਾਅ ਪੂਰਾ ਕਰ ਲਿਆ ਗਿਆ ਹੈ। ਇਹ ਲਾਟਰੀ ਅਮਰੀਕੀ ਵਿਦਿਅਕ ਸੰਸਥਾਵਾਂ ਤੋਂ ਉਚ ਸਿਖਿਆ ਪ੍ਰਾਪਤ ਉਮੀਦਵਾਰਾਂ ਲਈ 20,000 ਐਚ1ਬੀ ਵੀਜ਼ੇ ਲਈ ਕੱਢੀ ਗਈ ਸੀ। ਐਚ-1ਬੀ ਵੀਜ਼ੇ ਲਈ ਪੁਰਾਣੇ ਲਾਟਰੀ ਸਿਸਟਮ ਦਾ ਵਿਰੋਧ ਕਰਦੇ ਹੋਏ ਸੀਨੀਅਰ ਅਧਿਕਾਰੀਆਂ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕੰਪਨੀਆਂ ਇਨ੍ਹਾਂ ਵੀਜ਼ਿਆਂ ਦੀ ਵਰਤੋਂ ਵਿਦੇਸ਼ੀ ਕਾਮਿਆਂ ਨੂੰ ਘੱਟ ਤਨਖ਼ਾਹਾਂ ’ਤੇ ਅਮਰੀਕਾ ਲਿਆਉਣ ਅਤੇ ਉਨ੍ਹਾਂ ਨੂੰ ਸਥਾਨਕ ਕਾਮਿਆਂ ਦੀ ਜਗ੍ਹਾ ਦੇਣ ਲਈ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਵਿਸ਼ੇਸ਼ ਆਦੇਸ਼ਾਂ ’ਤੇ ਮੋਹਰ ਲਾਉਣ ਨਾਲ ਇਸ ਮਾਮਲੇ ਵਿੱਚ ਸਖ਼ਤੀ ਹੋਵੇਗੀ। ਨਵੇਂ ਵੀਜ਼ਾ ਪ੍ਰੋਗਰਾਮ ਨਾਲ ਇਹ ਯਕੀਨੀ ਬਣੇਗਾ ਕਿ ਵੱਧ ਯੋਗ ਵਿਅਕਤੀਆਂ ਨੂੰ ਹੀ ਇਹ ਵੀਜ਼ਾ ਮਿਲੇ।









