ਨਵੀਂ ਦਿੱਲੀ – ਬੰਦ ਕੀਤੇ ਗਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਸਬੰਧੀ ਆਰਬੀਆਈ ਵੱਲੋਂ ਆਇਦ ਤਾਜ਼ਾ ਬੰਦਸ਼ਾਂ ਨੂੰ ਲੈ ਕੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਇਕ ਹੋਰ ਹਮਲਾ ਕਰਦਿਆਂ ਕਿਹਾ ਹੈ ਕਿ ਕੇਂਦਰੀ ਬੈਂਕ ਵੱਲੋਂ ਨਿਯਮਾਂ ਨੂੰ ਇੰਜ ਬਦਲਿਆ ਜਾ ਰਿਹਾ ਹੈ, ਜਿਵੇਂ ‘ਪ੍ਰਧਾਨ ਮੰਤਰੀ ਕੱਪੜੇ ਬਦਲਦੇ’ ਹਨ। ਸ੍ਰੀ ਗਾਂਧੀ ਨੇ ਇਹ ਗੱਲ ਆਪਣੀ ਟਵੀਟ ਵਿੱਚ ਕਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਮੰਗ ਕੀਤੀ ਹੈ ਕਿ 30 ਦਸੰਬਰ ਤੱਕ ਪੁਰਾਣੇ ਨੋਟ ਸਿਰਫ਼ ਇਕ ਹੀ ਵਾਰ ਜਮ੍ਹਾਂ ਕਰਾਉਣ ਦੀ ਲਾਈ ਗਈ ਤਾਜ਼ਾ ਪਾਬੰਦੀ ਨੂੰ ਵਾਪਸ ਲਿਆ ਜਾਵੇ। ਸ੍ਰੀ ਗਾਂਧੀ ਨੇ ਆਪਣੀ ਟਵੀਟ ਵਿੱਚ ਕਿਹਾ ਹੈ, ‘‘ਆਰਬੀਆਈ ਨਿਯਮਾਂ ਨੂੰ ਇੰਜ ਬਦਲ ਰਿਹਾ ਹੈ, ਜਿਵੇਂ ਪ੍ਰਧਾਨ ਮੰਤਰੀ ਆਪਣੇ ਕੱਪਡ਼ੇ ਬਦਲਦੇ ਹਨ।’’ ਕਾਂਗਰਸੀ ਆਗੂ ਨੇ ਇਹ ਤਿੱਖਾ ਹਮਲਾ ਉਦੋਂ ਕੀਤਾ ਹੈ, ਜਦੋਂ ਉਹ ਨੋਟਬੰਦੀ ਦੇ ਮੁੱਦੇ ਉਤੇ ਆਪਣੀ ਲਡ਼ਾਈ ਨੂੰ ਸ੍ਰੀ ਮੋਦੀ ਦੇ ਵਿਹਡ਼ੇ ਵਿੱਚ ਲਿਜਾਣ ਲਈ ਤਿਆਰ ਹਨ। ਗ਼ੌਰਤਲਬ ਹੈ ਕਿ ਸ੍ਰੀ ਗਾਂਧੀ ਬੁੱਧਵਾਰ ਨੂੰ ਗੁਜਰਾਤ ਦੇ ਸ਼ਹਿਰ ਮਹਿਸਾਨਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨਗੇ।
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸਿੱਧਾ ਵਾਰ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਇਕ ਪਾਸੇ ਆਪਣੇ ‘ਅਮੀਰ’ ਦੋਸਤਾਂ ਦੇ ਹਵਾਈ ਜਹਾਜ਼ਾਂ ਵਿੱਚ ਅਮਰੀਕਾ ਤੇ ਚੀਨ ਦੇ ਦੌਰੇ ਕਰਦੇ ਹਨ ਤੇ ਦੂਜੇ ਪਾਸੇ ਨੋਟਬੰਦੀ ਰਾਹੀਂ ਦੇਸ਼ ਦੇ 99 ਫ਼ੀਸਦੀ ਈਮਾਨਦਾਰ ਲੋਕਾਂ ਦਾ ‘ਮਜ਼ਾਕ’ ਉਡਾਉਂਦੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਦੀ ਸਭ ਤੋਂ ਵੱਧ ਦੌਲਤ 50 ਘਰਾਣਿਆਂ ਕੋਲ ਜਮ੍ਹਾਂ ਹੈ… ਮੋਦੀ ਉਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਹੀ ਹਵਾਈ ਜਹਾਜ਼ਾਂ ਵਿੱਚ ਅਮਰੀਕਾ ਤੇ ਚੀਨ ਜਾਂਦੇ ਹਨ।’’ ਉਨ੍ਹਾਂ ਅੱਜ ਜ਼ੋਰ ਦੇ ਕੇ ਕਿਹਾ, ‘‘ਸਾਰਾ ਨਕਦ ਪੈਸਾ ਕਾਲਾ ਧਨ ਨਹੀਂ ਹੈ ਤੇ ਨਾ ਹੀ ਸਾਰਾ ਕਾਲਾ ਧਨ ਨਕਦੀ ਦੇ ਰੂਪ ਵਿੱਚ ਹੈ।’’ ਉਨ੍ਹਾਂ ਕਿਹਾ, ‘’94 ਫ਼ੀਸਦੀ ਕਾਲਾ ਧਨ ਵਿਦੇਸ਼ੀ ਬੈਂਕਾਂ, ਜ਼ਮੀਨਾਂ-ਜਾਇਦਾਦਾਂ ਅਤੇ ਸੋਨੇ ਆਦਿ ਦੇ ਰੂਪ ਵਿੱਚ ਪਿਆ ਹੈ। ਫਿਰ ਪ੍ਰਧਾਨ ਮੰਤਰੀ ਕਿਉਂ ਸਿਰਫ਼ ਬਾਕੀ ਛੇ ਫ਼ੀਸਦੀ ਕਾਲੇ ਧਨ ਪਿੱਛੇ ਭੱਜ ਰਿਹਾ ਹੈ?’’ ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ ਇਕ ਫ਼ੀਸਦੀ ਲੋਕਾਂ ਕੋਲ 60 ਫ਼ੀਸਦੀ ਦੌਲਤ ਹੈ ਤੇ ‘ਮੋਦੀ ਨੇ ਨੋਟਬੰਦੀ ਰਾਹੀਂ ਦੇਸ਼ ਦੇ 99 ਫ਼ੀਸਦੀ ਲੋਕਾਂ ਦਾ ਮਜ਼ਾਕ’ ਉਡਾਇਆ ਹੈ।









